ਫਰੀਦਕੋਟ ਦੇ ਜੈਤੋ ‘ਚ ਕਾਲਜ ਦੇ ਵਿਦਿਆਰਥੀਆਂ ਵਲੋਂ ਦਿੱਤੇ ਗਏ ਧਰਨੇ ਦੌਰਾਨ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਗਿਆ ਜਦੋਂ ਵਿਦਿਆਰਥੀਆਂ ਦੇ 2 ਗੁਟਾਂ ‘ਚ ਲੜਾਈ ਹੋ ਗਈ।ਸੂਤਰਾਂ ਮੁਤਾਬਕ, ਵਿਦਿਆਰਥੀਆਂ ਦੇ ਝਗੜੇ ਨੂੰ ਸੁਲਝਾਉਣ ਗਏ ਡੀ.ਐੱਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਕੇ ਖੁਦਕੁਸ਼ੀ ਕਰ ਲਈ ਗਈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਵਿਦਿਆਰਥੀਆਂ ਦੇ ਇੱਕ ਧੜੇ ਦੇ ਦਬਾਅ ਵਿਚ ਆ ਕੇ ਇਹ ਕਦਮ ਚੁੱਕਿਆ ਸੀ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਡੀ. ਐੱਸ. ਪੀ. ਬਲਜਿੰਦਰ ਸਿੰਘ ਸੰਧੂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮ ਗੰਭੀਰ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਮ੍ਰਿਤਕ ਵੱਲੋਂ ਆਪਣੇ ਅਤੇ ਪੁਲਿਸ ‘ਤੇ ਵਿਦਿਆਰਥੀਆਂ ਦੇ ਇਕ ਧੜੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਿਆ। ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਕੈਂਪਸ ‘ਚ ਵਾਪਰੀ ਇਸ ਘਟਨਾ ‘ਚ ਧਰਨੇ ‘ਤੇ ਬੈਠੇ ਧੜੇ ਨੇ ਡੀ ਐਸ ਪੀ ‘ਤੇ ਪੱਖਪਾਤ ਦਾ ਦੋਸ਼ ਲਗਾਇਆ ਸੀ।